udassi-ਗੁਰਮੀਤ ਸੰਧੂ ਦਾ ਬਲਾਗ

ਪੰਜਾਬੀ ਸਾਹਿਤਕ ਬਲਾਗ

ਧਰਮਿੰਦਰ ਦਾ ਪਿੰਡ

ਮਹੀਨਾ ਕੁ ਪਹਿਲਾਂ,ਮੈਂ ਦਿੱਲੀ ਏਅਰਪੋਰਟ ਦੇ ਲੌਂਜ ‘ਚ ਬੈਠਾ ਕੇ. ਐਲ. ਐਮ. ਦੀ ਐਮਸਟਰਡੈਮ ਲਈ ਉਡਾਣ ਦੀ ਉਡੀਕ ਕਰ ਰਿਹਾ ਸਾਂ, ਜਿਵੇਂ ਅਕਸਰ ਹੀ ਹੁੰਦਾ ਹੈ, ਲਾਂਜ ‘ਚ ਬੈਠੇ ਬਹੁਤੇ ਪੰਜਾਬੀ ਹੀ ਸਨ, ਜਿਹੜੇ ਪੰਜਾਬ ਫੇਰੀ ਤੋਂ ਵਾਪਸ ਪ੍ਰਦੇਸ ਪਰਤ ਰਹੇ ਸਨ। ਵੱਡੇ ਚੁੱਪ ਸਨ, ਜਿਹੜੇ ਹਾਲੇ ਵੀ ਆਪਣੇ ਪਿਛੇ ਛੱਡੀਆਂ ਯਾਦਾਂ ਵਿਚ ਗੁਆਚੇ ਹੋਏ ਸਨ। ਬੱਚੇ ਖੁਸ਼ ਸਨ,ਪੰਜਾਬ ਤੋਂ ਦਿੱਲੀ ਤਕ ਦੇ  ਅਕੇਵੇਂ ਸਫਰ ਤੋਂ ਬਾਦ ਉਹਨਾਂ ਨੂੰ ਖੁਲ੍ਹੀ ਥਾਂ ਮਿਲੀ ਸੀ, ਜਿਥੇ ਉਹ ਨੱਚ ਟੱਪ ਰਹੇ ਸਨ, ਮਾਪਿਆਂ ਨੇ ਵੀ ਉਹਨਾਂ ਦੀਆਂ ਵਾਗਾਂ ਢਿਲੀਆਂ ਛੱਡ ਦਿੱਤੀਆਂ ਸਨ।

ਮੇਰੇ ਤੋਂ ਕੁਝ ਵਿਥ ‘ਤੇ ਬੈਠੇ ਨੌਜਵਾਨ ਜੋੜੇ ਦਾ ਦੋ ਕੁ ਸਾਲ ਦਾ ਬੱਚਾ ਮੇਰੇ ਕੋਲ ਆਉਣ ਲਈ ਔਹਲ ਰਿਹਾ ਸੀ,ਪਰ ਉਹਦੀ ਮਾਂ ਉਹਦਾ ਧਿਆਨ ਹੋਰ ਪਾਸ ਲਾਉਣ ਦਾ ਯਤਨ ਕਰਦੀ ਰਹਿੰਦੀ ਸੀ। ਪਤੀ ਪਤਨੀ ਜਿਉਂ ਹੀ ਗੱਲੀਂ ਲਗੇ, ਉਹ ਮਲਕੜੇ ਜਿਹੇ ਮੇਰੇ ਕੋਲ ਆ ਕੇ ਖਲੋ ਗਿਆ, ਉਹਦਾ ਮਸੂਮ ਚਿਹਰਾ ਮੇਰੇ ਦੋਹਤੇ ਵਰਗਾ ਸੀ, ਅਤੇ ਉਹਨੇ ਉਸੇ ਤਰ੍ਹਾਂ ਵੇਖਿਆ ਅਤੇ ਆਪਣੀ ਤੋਤਲੀ ਜੀਭ ਨਾਲ ਕੁਝ ਆਖਿਆ। ਮੈਂ ਉਹਨੂੰ ਚੁੱਕ ਕੇ ਆਪਣੀ ਕੁੱਛੜ ਵਿਚ ਬੈਠਾ ਲਿਆ। ਬੱਚਾ ਮੇਰੀ ਘੜੀ ਦੇ ਸਟਰੈਪ ਨਾਲ ਖੇਡਣ ਲਗ ਪਿਆ, ਜਿਵੇਂ ਉਹਨੂੰ ਖੋਲ੍ਹਣਾ ਚਾਹੁੰਦਾ ਹੋਵੇ।ਉਹਦੀ ਮਾਂ ਦਾ ਧਿਆਨ ਜਿਉਂ ਹੀ ਗੱਲਾਂ ‘ਚੋਂ ਹਟਿਆ, ਉਹਦੀਆਂ ਅੱਖਾਂ ਬੱਚੇ ਨੂੰ ਲੱਭਣ ਲਗੀਆਂ, ਸਾਡੇ ਵਲ ਵੇਖ ਕੇ ਉਹ ਮੁਸਕਰਾਈ ਅਤੇ ਕੋਲ ਆ ਕੇ ਬੱਚੇ ਨੂੰ ਲੈਜਣ ਦੀ ਕੋਸ਼ਿਸ਼ ਕਰਦਿਆਂ ਬੋਲੀ “ਬੰਟੀ ਅੰਕਲ ਨੂੰ ਬੌਦਰ ਨਾਂ ਕਰ, ਆ ਜਾਹ ਮੇਰੇ ਕੋਲ, ਇਹਨੂੰ ਜੀ ਆਪਣੇ ਦਾਦਾ ਜੀ ਦਾ ਭੁਲੇਖਾ ਲੱਗਾ” ਬੱਚਾ ਜਾਣਾ ਨਹੀਂ ਸੀ ਚਾਹੁੰਦਾ, ਫਿਰ ਵੀ ਉਹ ਪੁਚਕਾਰ ਕੇ ਲੈ ਗਈ।

ਜਹਾਜ ਬੋਰਡਿੰਗ ਦੀ ਅਨਾਊਂਸਮਿੰਟ ਹੋ ਗਈ, ਹੌਲੀ ਹੌਲੀ ਸਾਰੇ ਮੁਸਾਫਰ ਜਹਾਜ ਵਿਚ ਸਵਾਰ ਹੋਣ ਲੱਗੇ। ਇਤਫਾਕ ਨਾਲ ਬੰਟੀ ਅਤੇ ਉਹਦੇ ਮਾਪਿਆਂ ਦੀ ਸੀਟ ਐਨ ਮੈਥੋਂ ਅਗਲੀ ਰੋਅ ਵਿਚ ਸੀ। ਜਹਾਜ ਚੱਲਿਆ, ਸੀਟ ਬੈਲਟ ਲਾਹ ਦੇਣ ਦਾ ਸੰਕੇਤ ਮਿਲ ਗਿਆ। ਕੁਝ ਦੇਰ ਬਾਦ, ਬੰਟੀ ਨੇ ਆਪਣੀ ਸੀਟ ‘ਤੇ ਖਲੋ ਕੇ ਪਿੱਛੇ  ਵਲ ਵੇਖਿਆ ਅਤੇ ਮੈਨੂੰ ਵੇਖ ਕੇ ਖਿਲ ਖਿਲਾ ਕੇ ਹੱਸਿਆ। ਅਸੀਂ ਸੈਨਤਾਂ ਨਾਲ ਗੱਲਾਂ ਕਰਦੇ ਰਹੇ, ਫਿਰ ਪਤਾ ਨਹੀਂ ਕਦੋਂ ਉਹ ਸੌਂ ਗਿਆ। ਅੱਠ ਘੰਟੇ ਦੀ ਲੰਮੀ ਉਡਾਣ  ਦੇ ਅਕੇਵੇਂ ਕਰਕੇ ਕੁਝ ਘੰਟਿਆਂ ਬਾਦ ਮੈਂ ਵੀ ਆਪਣੀ ਸੀਟ ਤੋਂ ਉਠ ਕੇ ਲੱਤਾਂ ਮੋਕਲੀਆਂ ਕਰਨ ਲਈ ਉਠਿਆ, ਬੰਟੀ ਦੇ ਮਾਪਿਆਂ ਨਾਲ ਗੱਲਾਂ ਕਰਨ ਲੱਗ ਪਿਆ। ਬਹੁਤ ਹੀ ਹੁਸੀਨ ਜੋੜਾ ਅਤੇ ਸਲੀਕੇ ਨਾਲ ਗੱਲ ਕਰਨ ਦੇ ਉਹਨਾਂ ਦੇ ਅੰਦਾਜ ਨੇ ਮੈਨੂੰ ਬਹੁਤ

ਪ੍ਰਭਾਵਿਤ ਕੀਤਾ। ਐਮਸਟਰਡੈਮ ਤੋਂ ਉਹਨਾਂ ਵਿਨੀਪੈਗ ਲਈ ਉਡਾਣ ਫੜਨੀ ਸੀ, ਜਿਥੇ ਉਹ ਰਹਿੰਦੇ ਸਨ। ਪੰਜਾਬ ਵਿਚ ਉਹ ਮੇਰੇ ਹੀ ਜਿਲੇ ਦੇ ਸ਼ਹਿਰ ਜਗਰਾਓਂ ਦੇ ਰਹਿਣ ਵਾਲੇ ਸਨ। ਉਹਨਾਂ ਪੰਜਾਬ ਵਿਚ ਮੇਰੇ ਟਿਕਾਣੇ ਬਾਰੇ ਪੁਛਿਆ।

“ਸਾਹਨੇਵਾਲ” ਮੈਂ ਦੱਸਿਆ

“ਧਰਮਿੰਦਰ ਦਾ ਪਿੰਡ” ਉਹ ਦੋਵੇਂ ਇਕੋ ਸਾਹ ਬੋਲ ਪਏ।

ਮੈਂ ਆਪਣੇ ਜੀਵਨ ਵਿਚ ਅਨੇਕਾਂ ਬਾਰ ਆਪਣੇ ਪਿੰਡ ਦਾ ਨਾਂ ਦੱਸਣ ਉੱਤੇ ਅੱਗੋਂ ਇਹ ਬੋਲ ਸੁਣ ਚੱਕਾ ਸਾਂ, ਪਰ ਅੱਜ ਧੁਰ ਅਸਮਾਨ ਵਿਚ ਉਡਦੇ ਜਹਾਜ ਵਿਚ ਵੀ ਇਹ ਬੋਲ ਸੁਣ ਕੇ ਮੈਨੂੰ ਜਿਹੜਾ ਚਾਅ ਚੜ੍ਹਿਆ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕੱਲ੍ਹ ‘ਯਮਲਾ ਪਗਲਾ ਦੀਵਾਨਾ ਮੂਵੀ ਵੇਖਣ ਵਾਲਿਆਂ ਵਿਚ ਵੀ ਮੈਂ ਇਕੱਲਾ ਹੀ ਸਾਂ, ਜਿਸਦੇ ਚਾਅ ਦਾ ਅੰਦਾਜਾ ਸ਼ਾਇਦ ਹੀ ਕਿਸੇ ਹੋਰ ਦਰਸ਼ਕ ਨੂੰ ਹੋਵੇ, ਮੇਰੇ ਜੀ ਕਰੇ ਮੈਂ ਉੱਚੀ ਉੱਚੀ ਬੋਲ ਕੇ ਦਸਾਂ,ਮੈਂ ਧਰਮਿੰਦਰ ਦੇ ਪਿੰਡ ਦਾ ਹਾਂ।

ਜਨਵਰੀ 19, 2011 Posted by | ਯਾਦਾਂ | 5 ਟਿੱਪਣੀਆਂ

ਦੂਰ ਦੇਸ

ਤੂੰ ਦੂਰ ਦੇਸ਼ ਦੇ ਮਹਾਂ ਨਗਰ ਦਾ ਵਾਸੀ

ਫੋਨ, ਮੋਬਾਇਲ, ਪੀ ਸੀ ਵਾਲਾ ।

ਮੈਂ ਬਿਨ ਫੋਨੋ ਛੋਟੇ ਪਿੰਡ ਦੇ ਨਿੱਕੇ ਘਰ ਵਿਚ ਵੱਸਾਂ।

ਪੀ ਸੀ ਓ ਵੀ ਹੈ ਨਹੀਂ ਏਥੇ

ਨਾਂ ਹੀ ਸਾਇਬਰ ਕੈਫੇ।

ਇਕ ਆਸ ਸੀ ਡਾਕੀਏ ਉੱਤੇ

ਉਹ ਵੀ ਅੱਜ ਨਹੀਂ ਆਇਆ

ਤੇਰਾ ਖਤ ਨਹੀਂ ਆਇਆ।

 

ਏਸ ਪਿੰਡ ਦੀ ਇਕ ਹੋਰ ਕੁੜੀ ਨੇ

ਪਰਸੋਂ ਪਰਦੇਸੀ ਨਾਲ ਨੇ ਲਾਵਾਂ ਲਈਆਂ।

ਸੂਹੇ ਸਾਲੂ `ਚੋਂ ਜਦ ਰੂਪ ਉਹਦੇ ਨੇ ਮਾਰੀਆਂ ਚੀਕਾਂ

ਮੈਂ ਵੀ ਧਾਹਾਂ ਮਾਰ ਕੇ ਰੋਈ।

ਮੇਰੇ ਪਿੰਡ ਇਹ ਦੂਜੀ ਠੱਗੀ ਹੋਈ।

 

ਨੀਲੇ ਰੰਗ ਦਾ ਜੋ ਲਿਫਾਫਾ ਤੂੰ ਘੱਲਿਆ ਸੀ

ਉਹਨੂੰ ਪੜ੍ਹ ਪੜ੍ਹ ਥੱਕ ਗਈ ਹਾਂ

ਲਾਰੇ ਸੁਣ ਸੁਣ ਅੱਕ ਗਈ ਹਾਂ।

 

ਪਿਛਲੀ ਵਾਰੀ ਘੱਲੇ ਸਨ

ਜੋ ਬੁਕਾਂ ਭਰ ਕੇ ਡਾਲਰ।

ਕੀ ਕੰਮ ਨੇ ਮੇਰੇ

ਜੇ ਪਾਉਣੇ ਨਹੀਂ ਤੂੰ ਫੇਰੇ।

 

ਮੀਤੋ ਦਾ ਫੌਜੀ ਵੀ ਵਰ੍ਹੇ ਛਿਮਾਹੀ

ਮੁੜ ਆਉਂਦਾ ਹੈ ਲਾਮਾਂ ਤੋਂ।

ਕਿਹੜੇ ਦੇਸ਼ ਤੂੰ ਜਾ ਵੜਿਆ ਏ

ਕਿਹੜੇ ਕੰਮ `ਚ ਜਾ ਅੜਿਆ ਏ।

 

ਉਮਰ ਮੇਰੇ ਦੀ ਤੱਤੀ ਰੁੱਤੇ

ਫੇਰਾ ਜੇਕਰ ਪਾਉਣਾ ਨਹੀਂਓ।

ਕਿਨਾ ਚਿਰ ਚੋਰਾਂ ਤੋਂ ਸਾਂਭਾਂ ਜੋਬਨ

ਛੇਤੀ ਜੇਕਰ ਆਉਣਾ ਨਹੀਓ।

 

ਇਸ ਦੁੱਖ ਦੀ ਇਕ ਹੋਰ ਹਕੀਕਤ

ਮੈਨੂੰ ਰੋਜ਼ ਸਤਾਵੇ।

ਤੂੰ ਜੋ ਲਿਖਦਾ ਰਹਿਨੈਂ

ਸਤ ਸਾਂਭ ਕੇ ਰਖੀਂ

ਇੰਜ ਲਗਦਾ ਹੈ

ਕਰੇਂ ਨਸੀਹਤ ਮੈਨੂੰ

ਕੋਈ ਆਪਣਾ ਭੇਤ ਲੁਕਾਵੇਂ।

 

ਤੂੰ ਲਿਖਿਐ ਪੱਕਾ ਹੋ ਜਾਂ

ਮਾਰਾਂਗਾ ਫਿਰ ਗੇੜਾ।

ਬੀਬਾ ਪੱਕੇ ਬੇਰ ਬਿਗਾਨੇ ਬਾਗੀਂ

ਬਹੁਤੀ ਦੇਰ ਨਹੀਂ ਰਹਿੰਦੇ।

ਪੱਕ ਜਾਏਂਗਾ

ਖੌਰੇ ਕਿਸਦੇ ਹੱਥ ਆਏਂਗਾ।

 

ਮੇਰੇ ਲਈ ਅਧ ਪੱਕਾ ਹੀ ਚੰਗੈਂ

ਏਸ ਸਿਆਲੇ ਜੇ ਆ ਜਾਵੇਂ

ਤੈਨੂੰ ਬੁਕੱਲ ਵਿਚ ਪਕਾਵਾਂ

ਭਰਦੀ ਢੰਡੀਆਂ ਆਹਾਂ

ਤੱਕਾਂ ਤੇਰੀਆਂ ਰਾਹਾਂ

ਮੰਗਾਂ ਰੋਜ਼ ਦੁਆਵਾਂ।

 

 

 

ਜੁਲਾਈ 3, 2010 Posted by | ਕਵਿਤਾ | 4 ਟਿੱਪਣੀਆਂ

ਦੋ ਮਹਾਨ ਕਵੀ

ਇਹ ਵੀ ਇਤਫ਼ਾਕ ਦੀ ਹੀ ਗੱਲ ਹੈ। ਓਦੋਂ ਗਜਲ਼ਗੋ ਜਗਤਾਰ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਦੀ ਐਮ ਏ ਕਰ ਰਿਹਾ ਸੀ। ਮੈਂ ਇੰਗਲੈਂਡ ਤੋਂ ਪੰਜਾਬ ਆਇਆ ਉੁਹਨੂੰ ਚੰਡੀਗੜ੍ਹ ਮਿਲਣ ਗਿਆ, ਉਹ ਲੁਧਿਆਣੇ ਪ੍ਰੋ ਮੋਹਣ ਸਿੰਘ ਨੂੰ ਮਿਲਣ ਜਾਣ ਲਈ ਤਿਆਰ ਬੈਠਾ ਸੀ।ਗਰਮੀ ਦੇ ਦਿਨ ਗਹਿਰ ਚੜ੍ਹ ਰਹੀ ਸੀ। ਮੈਂ ਜਗਤਾਰ ਨੂੰ ਕਿਹਾ ‘ਜੇ ਮੈਂ ਤੇਰੇ ਨਾਲ ਹੀ ਚੱਲਾਂ, ਮੈਂ ਵੀ ਕਦੇ ਮਿਲਿਆ ਨਹੀਂ ਉਹਨਾਂ ਨੂੰ’।
ਜਗਤਾਰ ਨੇ ਹਾਂ ਕਰ ਦਿੱਤੀ ਅਸੀਂ ਲੁਧਿਆਣੇ ਦੀ ਬਸ ‘ਤੇ ਚੜ੍ਹ ਗਏ। ਬਸ ‘ਚ ਬੈਠਿਆਂ ਮੈਂ ਜਗਤਾਰ ਨੂੰ ਪੁਛਿਆ’ ਪ੍ਰੋ ਮੋਹਨ ਸਿੰਘ ਦੀ ਪ੍ਰਹੁਣਚਾਰੀ ਕਰਨ ਨੂੰ ਮੇਰਾ ਮਨ ਲਲਚਾ ਰਿਹੈ, ਜੇਕਰ ਉਹਨਾਂ ਨੂੰ ਮੇਰੇ ਪਿੰਡ ਲੈ ਚਲੇਂ’। ‘ਆਪਾਂ ਪੁਛ ਲਵਾਂਗੇ’। ਜਗਤਾਰ ਦਾ ਜਵਾਬ ਸੀ। ਲੁਧਿਆਣੇ ਪਹੁੰਚ ਦਿਆਂ, ਜ਼ੋਰ ਦਾ ਮੀਂਹ ਉਤੱਰ ਆਇਆ। ਰਿਕਸ਼ੇ ‘ਚ ਭਿਜੱਦੇ ਐਗਰੀਕਲਚਰ ਯੂਨੀਵਰਸਿਟੀ ਦੇ ਪਿਛੇ ਬਣੇ ਪ੍ਰੋ ਮੋਹਨ ਸਿੰਘ ਦੇ ਘਰ ਪਹੁੰਚੇ। ਜਗਤਾਰ ਨੂੰ ਉਹ ਉਡੀਕ ਰਹੇ ਸਨ। ਉਹਨਾਂ ਦੇ ਬੁਲ੍ਹਾਂ ‘ਤੇ ਜਿਹੜੀ ਮੈਂ ਮੁਸਕਾਣ ਦੇਖੀ, ਉਹ ਮੈਂ ਹਾਲੇ ਤਕ ਕਿਸੇ ਹੋਰ ਦੇ ਨਹੀਂ ਵੇਖੀ। ਸ਼ਾਇਰ ਜਗਤਾਰ ਦੇ ਕਹਿਣ ‘ਤੇ ਵਰ੍ਹਦੇ ਮੀਂਹ ਉਹ ਸਾਡੇ ਪਿੰਡ ਸਾਹਨੇਵਾਲ ਆਏ, ਰਾਤ ਰਹੇ। ਉਹਨਾਂ ਨੇ ਸਾਵੇ ਪੱਤਰ ‘ਚੋਂ ਕਵਿਤਾਵਾਂ ਸੁਣਾਈਆਂ।, ਜਗਤਾਰ ਨੇ ਵੀ। ਹੁਣ ਜਦੋਂ ਮੈਂ ਉਸ ਦਿਨ ਨੂੰ ਯਾਦ ਕਰਦਾ ਹਾਂ, ਇੰਜ ਲਗਦਾ ਹੈ, ਜਿਵੇਂ ਸੁਪਨਾ ਵੇਖ ਰਿਹਾ ਹੋਵਾਂ……………………। ਸੋਚਦਾ ਰਹਿੰਦਾ ਹਾਂ, ਸਾਡੀ ਬੋਲੀ ਦੇ ਇਹਨਾਂ ਦੋ ਮਹਾਨ ਕਵੀਆਂ ਵਿਚ ਕਿੰਨੀ ਸਾਦਗੀ ਅਤੇ ਨਿਰਮਾਣਤਾ ਸੀ!!!!!

ਜੂਨ 27, 2010 Posted by | ਯਾਦਾਂ | 3 ਟਿੱਪਣੀਆਂ

ਉਹਦਾ ਆਉਣਾ

ਚੁਪ ਚੁਪੀਤੇ
ਕਾਸਦ ਆਇਆ।
ਬੂਹਾ ਉਹਨੇ ਇੰਜ ਖੜਕਾਇਆ।
ਜਿਵੇਂ ਕੋਈ ਚੋਰੀ ਆਵੇ
ਕੁਝ ਨਾ ਆਖੇ
ਬਸ ਨੈਣਾਂ ਥੀਂ ਸਮਝਾਵੇ।
ਸੈਨਤ ਕਰਕੇ ਬਾਤਾਂ ਪਾਵੇ।
ਤ੍ਰਾਹ ਨਿਕਲ ਗਿਆ……
ਧੜਕਣ ਵਧੀ ਗਈ
ਸਾਹ ਰੁਕ ਗਿਆ।
ਮੁੜਕੋ ਮੁੜਕੀ ਹੋਇਆ।
ਇਹ ਤਾਂ ਸਿਰਫ ਸੁਨੇਹਾ ਸੀ।
ਉਹਨੇ ਹਾਲੇ ਆਉਣਾ ਹੈ।
ਉਹਦੇ ਆਉਣ ਦੀ ਕਰਾਂ ਤਿਆਰੀ
ਚੰਗਾ ਹੋਇਆ
ਭਰਮ ਟੁੱਟਿਆ
ਉਹਦੇ ਆਉਣ
ਦਾ ਭੇਤ ਖੁਲ੍ਹਿਆ।

ਜੂਨ 26, 2010 Posted by | ਕਵਿਤਾ | 2 ਟਿੱਪਣੀਆਂ

ਤਿ੍ਸ਼ਤਾਬਦੀ

 

ਐ ਸ਼ਬਦ ਗੁਰੂ!

ਤੇਰੇ ਗੱਦੀ ਸੰਭਾਲਣ ਬਾਦ

ਅਸੀਂ ਸੌਂ ਗਏ ਸਾਂ।

ਹੁਣ ਤੇਰੀ ਗੁਰਤਾ ਦੀ ਤ੍ਰਿਸ਼ਤਾਬਦੀ

 ਜਾਗੋ ਮੀਟੀ `ਚ ਮਨਾ ਰਹੇ ਹਾਂ।

ਕੋਈ ਕਸਰ ਨਹੀਂ ਛੱਡੀ ਰੌਣਕਾਂ ਲਾਉਣ ਦੀ।

………………….

ਦੇਸ ਵਿਦੇਸ਼ `ਚ ਰਾਹਾਂ ਚੁਰਸਤਿਆਂ `ਤੇ

ਤੇਰੀ ਸ਼ੋਭਾ ਯਾਤਰਾ ਕਰਦਿਆਂ

ਬੜਾ ਟਰੈਫਿਕ ਜਾਮ ਕਰ ਸੁਕੇ ਹਾਂ।

ਤੇਰੇ ਅਣਗਿਣਤ ਦੁਆਰਿਆਂ `ਚ

ਦਿਨ ਰਾਤ ਤੇਰੀ ਬਾਣੀ ਪੜ੍ਹੀ ਗਾਈ ਹੈ।

ਤੇਰੀ ਮਹਿਮਾ ਵਿਚ

ਬੜੇ ਢੁਕਵੇਂ ਫਿਕਰੇ

ਆਗੂਆਂ ਪਰਚਾਰਕਾਂ ਕਹੇ ਸੁਣਾਏ ਨੇ।

ਬੜੇ ਸੁਆਦਿਸ਼ਟ ਭੋਜ ਛਕੇ ਅਤੇ ਛਕਾਏ ਨੇ।

ਅਸੀਂ ਸਨੇਹੀਆਂ, ਸਬੰਧੀਆਂ ਨੂੰ ਮਿਲ ਮਿਲਾ ਕੇ

ਘਰੀਂ ਪਰਤ ਆਏ ਹਾਂ

ਤੇਰੇ ਪੰਨਿਆਂ `ਤੇ ਉਕਰੇ ਸੱਚ ਨੂੰ

ਬਿਨਾਂ ਮੰਨੇ ਸੰਤੋਖ ਆਏ ਹਾਂ।

………………

ਫਿਰ ਆਵਾਂਗੇ  …………

ਜਦੋਂ ਦਸ ਪਈ, ਕਿਸੇ ਬੋਲਾਂ ਦੇ ਜਾਦੂਗਰ ਦੀ

ਉਹਤੋਂ ਤੇਰੇ ਅਰਥਾਂ ਦੀ ਗਾਥਾ ਸੁਣਾਂਗੇ।

ਸੁਖ ਹੈ, ਸਿਮਰਨਾ, ਸਹਿਜ ਹੋ ਜਾਣਾ,ਭਾਣਾ ਮੰਨਣਾ,

ਦੁਖ ਹੈ, ਤੁਧੁ ਬਿਨ ਹੋਰ ਜੋ ਵੀ ਮੰਗਣਾ।

ਕੀ ਸੱਚ ਦੇ ਕੋਈ ਅਰਥ ਹੁੰਦੇ ਨੇ?

ਸੱਚ ਦਾ ਅਰਥ ਤਾਂ ਸੱਚ ਹੀ ਹੁੰਦਾ ਹੈ।

……………..

ਇਹ ਤੇਰੇ ਗੁਰਤਾ ਸੰਭਾਲਣ  ਵੇਲੇ ਵੀ ਸੀ,

 `ਤੇ ਉਸਤੋਂ ਪਹਿਲਾਂ ਵੀ

ਹੁਣ ਵੀ ਹੈ, ਅਤੇ ਹੋਸੀ ਵੀ ਸੱਚ।

ਸੱਚ ਸੰਗ ਜੀਣਾ ਹੁੰਦਾ ਹੈ

ਅਤੇ ਸੱਚ ਲਈ ਮਰਨਾ ਪੈਂਦਾ ਹੈ।

ਸੱਚ ਲਈ ਪੀਹਣੀਆਂ ਪੈਂਦੀਆਂ ਨੇ ਚੱਕੀਆਂ

ਤੱਤੀ `ਤੇ ਬੈਠਣਾ, ਚੌਂਕ `ਚ

ਸ਼ੀਸ ਲੁਹਾਣਾ ਪੈਂਦਾ ਹੈ।

……………..

ਸੱਚ ਲਈ ਰਾਜੇ ਨੂੰ ਸ਼ੀਂਹ ਅਤੇ ਮੁਕੱਦਮ ਨੂੰ ਕੁੱਤੇ

ਆਖਣ ਦੀ ਜ਼ੁਰੱਅਤ ਹੋਣੀ ਚਾਹੀਦੀ ਹੈ।

ਅਸੀਂ ਤਾਂ ਚਾਪਲੂਸ ਹੰਕਾਰੀ ਹਾਕਮ ਦੇ 

ਦਰਸ਼ਨ ਲਈ

ਭੀੜ `ਚ ਖਲੋਤੇ ਧੱਕਮ ਧੱਕਾ ਹੋ ਰਹੇ ਹਾਂ।

ਅਤੇ ਲੱਭ ਰਹੇ ਹਾਂ ………

 ਭਰਿਸ਼ਟ ਨਿਆਏਧੀਸ਼ ਦਾ ਕੋਈ ਵਿਚੋਲਾ।

ਰਿਸ਼ਵਤ ਦੇਣ ਲਈ।

ਤਾਕਿ ਜੱਗ ਜਾਹਰ ਝੂਠ ਨੂੰ ਸੱਚ ਬਣਾ ਸਕੀਏ।

…………………..

ਸੁਣ ਚੁੱਕੇ ਹਾਂ ਤੇਰੇ ਪੰਨਿਆਂ ‘ਤੋਂ ਮੁਕਤੀ ਦਾ ਰਾਹ।

ਜੋ ਬੜਾ ਹੀ ਸਰਲ ਹੈ।

ਬਾਹਰੋਂ ਪੁਟਣਾ `ਤੇ ਅੰਦਰ ਲਾਉਣਾ।

ਹਸਦਿਆਂ ਖੇਡਦਿਆਂ ਪਹਿਨਦਿਆਂ ਮੁਕਤ ਹੋਣਾ।

ਤੇਰੇ ਚਰਨਾਂ `ਚ ਨਿਵਾਸ ਕਰ ਜਾਣਾ।

ਬਿਬੇਕ ਬੁਧਿ ਤੋਂ ਸੱਖਣੇ ,

ਕਿੰਜ ਖੋਲ੍ਹਾਂਗੇ ਪਿਓ ਦਾਦੇ ਦਾ ਖਜ਼ਾਨਾ

ਬੜਾ ਔਖਾ ਹੈ,

ਮੁਕਤੀ ਦੇ ਸਥੂਲ ਭਾਵਾਂ ਦੀ ਰਮਜ਼ ਨੂੰ ਜਾਨਣਾ।

ਸਾਡੀ ਅਰਜੋਈ ਦੀ ਸੂਚੀ `ਚ ਤਾਂ

ਅੰਤ `ਤੇ ਲਿਖਿਆ ਮੁਕਤੀ ਨੂੰ ਮੰਗਣਾ।

ਅਸੀਂ ਤਾਂ ਆਵਾਗਵਣ `ਚ ਰਹਿਣੈ ।

ਬਾਰ ਬਾਰ ਆਉਣੈ।

ਜੀ ਭਰ ਕੇ ਸੌਣੈ।

ਤੇਰੀ ਗੁਰਤਾ ਦੀ ਅਗਲੀ ਸ਼ਤਾਬਦੀ ਦਾ ਵਰ੍ਹਾ ਵੀ ਮਨਾਉਣੈ।

………………

ਹਾਲੇ ਮੰਡੀ `ਚ ਮੰਦਾ ਹੈ।

ਘਾਟੇ `ਚ ਧੰਦਾ ਹੈ।

ਕਾਰੋਬਾਰ ਠੰਢਾ ਹੈ।

ਹੱਥ ਸੁਖਾਲਾ ਹੋ ਲਵੇ,

ਤੇਰੇ ਦੁਆਰ `ਤੇ ਕੀਮਤੀ ਪੱਥਰ ਲਾਉਣੇ ਨੇ।

ਸੋਨੇ ਦੀ ਪਾਲਕੀ `ਤੇ

ਹੋਰ ਰੇਸ਼ਮੀ ਰੁਮਾਲ ਚੜ੍ਹਾਉਣੇ ਨੇ।

ਤੇਰੇ ਦਰਬਾਰ `ਚ

ਆਪਣੀ ਸ਼ੋਭਾ ਵੀ ਸੁਨਣੀ ਹੈ।

ਤੇਰੇ ਘੱਟ ਆਪਣੇ ਵੱਧ ਸੋਹਲੇ ਗਾਉਣੇ ਨੇ।

ਵਿਹਲ ਹੋਈ ਤਾਂ ਸੋਚਾਂਗੇ ਮੁਕਤੀ ਬਾਰੇ ।

ਹਾਲੇ ਸਾਡੀ ਸੌਣ ਦੀ ਵਾਰੀ ਹੈ।

ਨੋਟ:   ਗੁਰੂ ਗ੍ੰਥ ਸਾਹਿਬ ਦੀ ਤਿ੍ਸ਼ਤਾਬਦੀ ਦੇ ਅਵਸਰ ‘ਤੇ ਰਚਿਤ ਇਹ ਕਵਿਤਾ ਪਾਠਕਾਂ ਵਲੋਂ ਬੜੀ ਸਲਾਹੀ ਗਇ ਹੈ।

DSC_0145

ਮਈ 22, 2009 Posted by | ਕਵਿਤਾ | 1 ਟਿੱਪਣੀ